ਫੋਕਲ ਪੁਆਇੰਟ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਵੀਰਵਾਰ ਨੂੰ ਵੱਖ-ਵੱਖ ਫੋਕਲ ਪੁਆਇੰਟ ਇਲਾਕਿਆਂ ਅਤੇ ਨੇੜਲੇ ਉਦਯੋਗਿਕ ਇਲਾਕਿਆਂ ਦਾ ਦੌਰਾ ਕੀਤਾ। ਵੱਖ-ਵੱਖ ਫੋਕਲ ਪੁਆਇੰਟ ਐਸੋਸੀਏਸ਼ਨਾਂ ਦੀ ਨੁਮਾਇੰਦਗੀ ਕਰਨ ਵਾਲੇ ਉਦਯੋਗਪਤੀਆਂ ਦੇ ਇੱਕ ਸਮੂਹ ਅਤੇ ਸਬੰਧਤ ਨਗਰ ਨਿਗਮ ਅਫ਼ਸਰਾ ਦੇ ਨਾਲ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਲਗਭਗ ਅੱਠ ਘੰਟੇ ਫੀਲਡ ਵਿੱਚ ਰਹੇ ਅਤੇ ਫੋਕਲ ਪੁਆਇੰਟ ਇਲਾਕੇ ਦੇ ਵੱਖ-ਵੱਖ ਫੇਜ਼ਾਂ ਜਿਨ੍ਹਾਂ ਵਿੱਚ ਫੇਜ਼ 4, 4-ਏ, 5,6,7, 8, ਇੰਡਸਟਰੀਅਲ ਏਰੀਆ-ਸੀ, ਫੋਕਲ ਪੁਆਇੰਟ ਦੀ 34 ਏਕੜ ਸਕੀਮ, ਜਸਪਾਲ ਬਾਂਗੜ ਰੋਡ, ਈਸਟਮੈਨ ਚੌਕ ਸਮੇਤ ਹੋਰ ਇਲਾਕਿਆਂ ਦਾ ਦੌਰਾ ਕੀਤਾ।
ਉਦਯੋਗਪਤੀਆਂ ਤੋਂ ਫੀਡਬੈਕ ਲੈਂਦਿਆਂ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸੀਵਰੇਜ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਪਾਰਕਾਂ/ਗਰੀਨ ਬੈਲਟਾਂ ਦਾ ਵਿਕਾਸ, ਸਟਰੀਟ ਲਾਈਟਾਂ, ਕਬਜ਼ਿਆਂ ਨੂੰ ਹਟਾਉਣ, ਕੂੜਾ ਚੁੱਕਣ, ਨਾਜਾਇਜ਼ ਉਸਾਰੀਆਂ 'ਤੇ ਨਕੇਲ ਕੱਸਣ ਸਮੇਤ ਹੋਰ ਮੁੱਦਿਆਂ 'ਤੇ ਜ਼ੋਰ ਦਿੱਤਾ। ਇਸ ਸਬੰਧੀ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।ਡੇਚਲਵਾਲ ਨੇ ਦੱਸਿਆ ਕਿ ਇਸ ਦੌਰੇ ਦਾ ਉਦੇਸ਼ ਫੋਕਲ ਪੁਆਇੰਟ ਅਤੇ ਨੇੜਲੇ ਸਨਅਤੀ ਇਲਾਕਿਆਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨਾ ਸੀ।
ਡੇਚਲਵਾਲ ਨੇ ਅੱਗੇ ਦੱਸਿਆ ਕਿ ਸਬੰਧਤ ਸਟਾਫ਼ ਨੂੰ ਜ਼ਮੀਨੀ ਪੱਧਰ 'ਤੇ ਸੁਧਾਰ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਰਾਜ ਪੱਧਰ 'ਤੇ ਸੀਨੀਅਰ ਅਧਿਕਾਰੀਆਂ ਨਾਲ ਕੁਝ ਕਦਮਾਂ/ਤਜ਼ਵੀਜ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। ਨਿਰੀਖਣ ਦੌਰਾਨ ਨਗਰ ਨਿਗਮ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ, ਸਬੰਧਤ ਸੀ.ਐਸ.ਆਈ, ਜੇ.ਈ ਅਤੇ ਉਦਯੋਗਪਤੀ ਰਾਹੁਲ ਆਹੂਜਾ, ਉਪਕਾਰ ਸਿੰਘ ਆਹੂਜਾ, ਓ.ਪੀ ਬੱਸੀ ਆਦਿ ਹਾਜ਼ਰ ਸਨ।
Mc-Chief-Visits-Different-Focal-Point-Areas-Along-With-Industrialists